Tuesday, October 6, 2009

Sanjha punjab 24-b

ਸਾਂਝਾ ਪੰਜਾਬ


ਮਹਿਰਮ ਦੇ ਵਿਆਹ ਨੂੰ ਬਹੁਤ ਸਾਰੇ ਵਰ੍ਹੇ ਹੋ ਗਏ ਨੇ ਪਰ ਹਾਲੇ ਵੀ ਲੋਕੀ ਓਹਦੇ ਵਿਆਹ ਨੂੰ ਯਾਦ ਕਰ ਕੇ ਹੱਸਦੇ ਨੇ। ਓਹ ਜਦ ਆਪਣੇ ਨਿਆਣਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਲੰਘਦਾ ਏ ਤੇ ਲੋਕੀ ਓਹਨੂੰ ਟਿਚਕਰਾਂ ਕਰਦੇ ਨੇ। ਓਹ ਲੋਕਾਂ ਦੀਆਂ ਗੱਲਾਂ ਕਦੇ ਤੇ ਕੰਨਾਂ ਮੁੱਢ ਮਾਰ ਕੇ ਅਗਾਂਹ ਲੰਘ ਜਾਂਦਾ ਏ ਤੇ ਕਦੇ ਓਹਨੂੰ ਗੁੱਸਾ ਆ ਜਾਂਦਾ ਏ ਤੇ ਓਹ ਗਾਲ੍ਹ-ਮੰਦਾ ਬੋਲਦਾ ਏ। ਹ ਵਿਚਾਰਾ ਕਰੇ ਵੀ ਕੀ? ਪਿੰਡ ਛੱਡ ਕੇ ਤੇ ਜਾਣੋਂ ਰਿਹਾ। ਉਤੋਂ ਲੋਕਾਂ ਓਹਨੂੰ ਬੱਗਾ ਕਾਂ ਬਣਾ ਦਿੱਤਾ ਏ। ਓਸ

ਵਿਚਾਰੇ ਦਾ ਏਹਦੇ ਵਿੱਚ ਕਸੂਰ ਵੀ ਕੋਈ ਨਹੀਂ।
ਮਹਿਰਮ ਗੋਤ ਦਾ ਜੱਟ ਏ। ਓਹਦੇ ਪਿਉ ਗ਼ੁਲਾਮ ਦੀ ਥੋੜੀ ਜੇਹੀ ਤੇ ਆਪਣੀ ਜ਼ਮੀਨ ਸੀ ਤੇ ਕੁਝ ਓਹ ਠੇਕੇ 'ਤੇ ਲੈ ਕੇ ਵਾਹੀ ਕਰਦਾ ਸੀ। ਗ਼ੁਲਾਮ ਦਾ ਢਲੀ ਜੁਆਨੀ ਸੱਤੋ ਨਾਲ ਵਿਆਹ ਹੋਇਆ ਤੇ ਕੁਝ ਹੀ ਸਾਲਾਂ ਮਗਰੋਂ ਓਹਦੇ ਘਰ ਇੱਕ ਪੁੱਤਰ ਜੰਮਿਆਂ। ਏਸ ਪੁੱਤਰ ਦੇ ਜੰਮਣ 'ਤੇ ਗ਼ੁਲਾਮ ਦੂਜੇ ਜੱਟ ਜ਼ਿਮੀਦਾਰਾਂ ਵਾਂਗੂੰ ਰੱਜ ਕੇ ਖ਼ੁਸ਼ੀ ਮਨਾਈ। ਇੱਕ-ਇੱਕ ਕੰਮੀ ਆ ਕੇ ਓਹਨੂੰ ਵਧਾਈ ਦਿੱਤੀ। ਤੇ ਓਹਨੇ ਹਰ ਕੰਮੀ ਨੂੰ ਖ਼ੁਸ਼ ਕਰ ਕੇ ਘੱਲਿਆ। ਕਦੇ ਖ਼ੁਸਰੇ ਨੱਚਣ ਆ ਗਏ, ਕਦੇ ਭੰਡਾਂ ਤੇ ਮਰਾਸੀਆਂ ਆ ਕੇ ਓਹਦੇ ਬੂਹੇ ਅੱਗੇ ਅਖਾੜਾ ਲਾ ਦਿੱਤਾ। ਆਮ ਬੰਦਿਆਂ ਦੇ ਬੂਹੇ ਅੱਗੇ ਸ਼ਰੀਂਹ ਦੀਆਂ ਟਹਿਣੀਆਂ ਦਾ ਸਿਹਰਾ ਇੱਕ ਵਾਰ ਕੰਮੀ ਆ ਕੇ ਬੰਨ੍ਹਦੇ ਸਨ ਪਰ ਗ਼ੁਲਾਮ ਦੇ ਬੂਹੇ ਅੱਗੇ ਏਹ ਸਿਹਰਾ ਕਈ ਵਾਰੀ ਬੰਨ੍ਹਿਆਂ ਗਿਆ। ਓਹਦੀ ਇੱਕ ਵਜ੍ਹਾ ਤੇ ਏਹ ਸੀ ਕਿ ਨਾ ਤੇ ਗ਼ੁਲਾਮ ਕਿਸੇ ਨੂੰ ਏਹ ਸਿਹਰਾ ਬੰਨ੍ਹਣ ਤੋਂ ਰੋਕਿਆ ਤੇ ਨਾ ਈ ਓਸ ਕਿਸੇ ਸਿਹਰਾ ਬੰਨ੍ਹਣ ਵਾਲੇ ਕੰਮੀ ਨੂੰ ਖਾਲੀ ਹੱਥ ਘੱਲਿਆ। ਸੱਤੋ ਨੂੰ ਏਹ ਪੁੱਤਰ ਜੰਮ ਕੇ ਇੰਝ ਰੂਪ ਚੜ੍ਹਿਆ ਜਿਵੇਂ ਮੁੜ ਕੇ ਜੁਆਨ ਹੋ ਗਈ ਹੋਵੇ।
ਗ਼ੁਲਾਮ ਦਾ ਏਹ ਪੁੱਤਰ ਤਗੜਾ ਤੇ ਤੰਦਰੁਸਤ ਸੀ ਤੇ ਛੇਤੀ-ਛੇਤੀ ਵੱਡਾ ਹੋਣ ਲੱਗ ਪਿਆ। ਕੁਝ ਸਾਲਾਂ ਮਗਰੋਂ ਓਹਦੇ ਘਰ ਇੱਕ ਧੀ ਜੰਮੀ ਤੇ ਗ਼ੁਲਾਮ ਨੂੰ ਦੂਜੇ ਜੱਟ ਜ਼ਿਮੀਦਾਰਾਂ ਦੀ ਤਰ੍ਹਾਂ ਏਹਦੇ ਜੰਮਣ 'ਤੇ ਦੁੱਖ ਜਾਂ ਅਫ਼ਸੋਸ ਨਾ ਹੋਇਆ। ਜੇ ਕਿਸੇ ਓਹਦੇ ਮੋਹਰੇ ਧੀ ਜੰਮਣ 'ਤੇ ਅਫ਼ਸੋਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਓਹਨੇ ਫੱਟ ਰੋਕ ਦਿੱਤਾ ਤੇ ਆਖਿਆ, ''ਨਾ ਮੀਆਂ ਏਹ ਧੀ ਮੈਨੂੰ ਰੱਬ ਨੇ ਦਿੱਤੀ ਏ। ਏਹ ਧੀ ਨਹੀਂ ਏਹ ਵੀ ਪੁੱਤਰ ਏ।"
ਲੋਕਾਂ ਓਹਦੇ ਮੂੰਹ 'ਤੇ ਸ਼ਾਬਾਸ਼ ਦੇਣੀਂ ਤੇ ਪਿੱਛੋਂ ਕੰਡੀ ਆਖਣਾ ਗ਼ੁਲਾਮੀ ਖੋਚਰੀ ਏ, ਆਂਹਦਾ ਏ ਧੀ ਨਹੀਂ ਪੁੱਤਰ ਜੰਮਿਐ। ਕਿਹੜੇ ਭੜੂਏ ਜੱਟ ਨੂੰ ਧੀ ਜੰਮੀ ਪੁੱਜਦੀ ਏ। ਵਿੱਚੋਂ ਗੱਲ ਤੇ ਵੱਟੇ ਦੀ ਏ। ਧੀ ਨਾ ਹੋਈ ਤੇ ਪੁੱਤਰ ਕਿਵੇਂ ਵਿਆਹੇਗਾ। ਬੰਦੇ ਓਹਦੇ ਲਈ ਅੱਲਾ ਵਾਸਤੇ ਦਾ ਰਿਸ਼ਤਾ ਤੇ ਨਹੀਂ ਲੈ ਕੇ ਬੈਠੇ।
ਗ਼ੁਲਾਮ ਦੇ ਘਰ ਦੋ ਬਾਲ ਜੰਮਣ ਮਗਰੋਂ ਡੱਕਾ ਲੱਗ ਗਿਆ। ਓਹ ਹਰ ਪਾਸੇ ਭੱਜਿਆ, ਸੰਨਿਆਸੀਆਂ ਤੇ ਹਕੀਮਾਂ ਦੇ ਓਹਨੇ ਬੂਹੇ ਪੱਟ ਮਾਰੇ। ਕੋਈ ਪੀਰ ਫ਼ਕੀਰ ਅਜੇਹਾ ਨਹੀਂ ਸੀ ਜਿਹਦੇ ਕੋਲੋਂ ਓਹਨੇ ਜਾ ਕੇ ਤਵੀਤ-ਧਾਗਾ ਨਾ ਲਿਆਂਦਾ ਹੋਵੇ। ਓਹਨੂੰ ਜਿਸ ਕਿਸੇ ਵੀ ਦੱਸ ਪਾਈ, ਓਹ ਓਸੇ ਦਰਬਾਰ 'ਤੇ ਸੁੱਖਣੇ ਤੇ ਮੱਨਤਾਂ ਮੰਨਣ ਗਿਆ ਪਰ ਓਹਦੀ ਜ਼ਨਾਨੀ ਦੀ ਕੁੱਖ ਮੁੜ ਹਰੀ ਨਾ ਹੋਈ। ਗ਼ੁਲਾਮ ਦੇ ਦੋਹਵੇਂ ਬਾਲ ਵੱਡੇ ਹੁੰਦੇ-ਹੁੰਦੇ ਜੁਆਨ ਹੋ ਗਏ ਤੇ ਓਹਨੂੰ ਓਹਨਾਂ ਦੇ ਵਿਆਹੁਣ ਦੀ ਫ਼ਿਕਰ ਲੱਗ ਗਈ। ਓਹਦਾ ਏਹ ਮਸਲਾ ਛੇਤੀ ਹੀ ਹੱਲ ਹੋ ਗਿਆ। ਇੱਕ ਤੇ ਘਰ ਵਿੱਚ ਰੋਟੀ ਦੀ ਥੋੜ ਨਹੀਂ ਸੀ ਤੇ ਦੂਜੇ ਮੁੰਡਾ ਵੀ ਸੋਹਣਾ ਤੇ ਕਮਾਊ ਸੀ। ਨਾਲੇ ਓਹਦਾ ਵੱਟਾ ਵੀ ਘਰ ਵਿੱਚ ਹੈ ਸੀ। ਓਹਨੇ ਕੁਝ ਦਿਨ ਬਰਾਦਰੀ ਦੇ ਫੇਰੇ ਮਾਰੇ ਤੇ ਓਹਨੂੰ ਰਿਸ਼ਤੇ ਲੱਭ ਗਏ। ਮੁੰਡੇ ਲਈ ਮਰਜ਼ੀ ਦੀ ਕੁੜੀ ਤੇ ਕੁੜੀ ਲਈ ਚੰਗਾ ਮੁੰਡਾ। ਝੱਟ ਮੰਗਣੀ ਤੇ ਫਟ ਵਿਆਹ ਵਾਲੀ ਗੱਲ ਹੋਈ। ਦਿਨਾਂ ਵਿੱਚ ਵਿਆਹਾਂ ਦਾ ਕੰਮ ਨਿੱਬੜ ਗਿਆ। ਓਹ ਖ਼ੁਸ਼ ਸੀ ਤੇ ਇੱਕ ਪਾਸੇ ਓਹਦੀ ਕੁੜੀ ਕੱਜੇ ਕੰਨੀਂ ਘਰੋਂ ਉਠ ਗਈ ਤੇ ਦੂਜੇ ਪਾਸੇ ਓਹਦੇ ਘਰ ਚੰਗੀ ਨੂੰਹ ਆ ਗਈ। ਏਹਦਾ ਨਾਂ ਰਾਜਣ ਸੀ ਤੇ ਓਹਨੇ ਆਉਂਦਿਆਂ ਨਾਲ ਹੀ ਘਰ ਬਾਰ ਸੰਭਾਲ ਲਿਆ। ਗ਼ੁਲਾਮ ਦਾ ਮੁੰਡਾ ਮੁੰਡਪੁਣਾ ਛੱਡ ਕੇ ਜ਼ਿਮੇਵਾਰੀ ਨਾਲ ਵਾਹੀ ਕਰਨ ਲੱਗ ਪਿਆ। ਗ਼ੁਲਾਮ ਤੇ ਸੱਤੋ ਦਾ ਬਹੁਤ ਸਾਰਾ ਭਾਰ ਹੌਲਾ ਹੋ ਗਿਆ ਤੇ ਓਹਨਾਂ ਦੇ ਦਿਨ ਬਹੁਤ ਸੁਹਣੇ ਲੰਘਣ ਲੱਗ ਪਏ। ਹਰ ਜੱਟ ਪਰਿਵਾਰ ਤਰ੍ਹਾਂ ਗ਼ੁਲਾਮ ਤੇ ਸੱਤੋ ਹੁਣ ਹਰ ਵੇਲੇ ਕਿਸੇ ਨਵੇਂ ਬੰਦੇ ਰਾਹੀਂ ਟੱਬਰ ਦੇ ਵਾਧੇ ਦੇ ਸੁਪਨੇ ਲੈਂਦੇ। ਓਹਨਾਂ ਦੀ ਏਸ ਉਡੀਕ ਦਾ ਪੈਂਡਾ ਕੋਈ ਬਹੁਤਾ ਲੰਮਾਂ ਨਾ ਹੋਇਆ ਜਦ ਇੱਕ ਦਿਨ ਰਾਜਣ ਉਲਟੀਆਂ ਕਰਨ ਲੱਗ ਪਈ। ਕੁਝ ਹੀ ਪਲਾਂ ਵਿੱਚ ਏਹ ਖ਼ਬਰ ਮੁਹੱਲੇ ਵਿੱਚ ਉਡੀ ਤੇ ਫੇਰ ਸਾਰੇ ਪਿੰਡ ਵਿੱਚ ਢੋਲ ਵੱਜ ਗਿਆ। ਗ਼ੁਲਾਮ ਦਾ ਸਾਰਾ ਟੱਬਰ ਖ਼ੁਸ਼ ਸੀ। ਏਸ ਖ਼ੁਸ਼ੀ ਦੀ ਪਹਿਲੀ ਵਜ੍ਹਾ ਤੇ ਏਹ ਸੀ ਕਿ ਰਾਜਣ ਬਾਂਝ ਨਹੀਂ ਸੀ ਨਿਕਲੀ। ਦੂਜੀ ਏਹ ਸੀ ਕਿ ਛੇਤੀ ਓਹਨਾਂ ਦੇ ਟੱਬਰ ਵਿੱਚ ਵਾਧਾ ਹੋ ਜਾਵੇਗਾ। ਹਾਲੇ ਏਹ ਟੱਬਰ ਮਸਾਂ ਕੁ ਖ਼ੁਸ਼ੀ ਮਨਾ ਕੇ ਹਟਿਆ ਸੀ ਕਿ ਇੱਕ ਵਾਕੇ ਘਰ ਵਿੱਚ ਤਰਥੱਲੀ ਮਚਾ ਦਿੱਤੀ। ਏਨੇ ਵਰ੍ਹੇ ਬਾਂਝ ਰਹਿਣ ਮਗਰੋਂ ਸੱਤੋ ਹਾਮਲਾ ਹੋ ਗਈ। ਪਿੰਡ ਦੇ ਕੁਝ ਲੋਕਾਂ ਖੱਚਾਂ ਮਾਰੀਆਂ ਤੇ ਕੁਝ ਨੇ ਆ ਕੇ ਮੁਬਾਰਕਾਂ ਦਿੱਤੀਆਂ। ਸੱਤੋ ਨੂੰ ਕਦੇ-ਕਦੇ ਸ਼ਰਮ ਵੀ ਆਉਂਦੀ ਸੀ ਕਿ ਨੂੰਹ ਤੇ ਸੱਸ ਰਲ ਕੇ ਬਾਲ ਜੰਮਣਗੀਆਂ। ਬਾਲ ਜੰਮੇ ਤੇ ਦੋਹਵੇਂ ਮੁੰਡੇ ਸਨ। ਗ਼ੁਲਾਮ ਆਪਣੇ ਮੁੰਡੇ ਦਾ ਨਾਂ ਮਹਿਰਮ ਰੱਖਿਆ। ਏਹ ਦੋਹਵੇਂ ਇਕੱਠੇ ਪਲਣ ਲੱਗ ਪਏ। ਕਦੇ ਮਹਿਰਮ ਤੇ ਆਪਣੇ ਪੋਤਰੇ ਨੂੰ ਸੱਤੋ ਸਾਂਭਣਾ ਤੇ ਸੰਭਾਲਣਾ ਤੇ ਕਦੇ ਰਾਜਣ। ਇੰਝ ਦੋਹਾਂ ਮੁੰਡਿਆਂ ਇਕੱਠਿਆਂ ਖਾਣਾ-ਪੀਣਾ ਤੇ ਖੇਡਣਾ। ਤੇ ਓਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਹੜੇ ਦੀ ਕਿਹੜੀ ਮਾਂ ਏ। ਜੇ ਮਹਿਰਮ ਸੱਤੋ ਨੂੰ ਮਾਂ ਆਖਣਾ ਤੇ ਓਹਦੇ ਪੋਤਰੇ ਵੀ ਆਪਣੀ ਦਾਦੀ ਸੱਤੋ ਨੂੰ ਮਾਂ ਬੁਲਾਉਣਾ। ਇੰਝ ਈ ਜੇ ਗ਼ੁਲਾਮ ਦੇ ਪੋਤਰੇ ਰਾਜਣ ਨੂੰ ਮਾਂ ਕਹਿਣਾ ਤੇ ਮਹਿਰਮ ਵੀ ਆਪਣੀ ਭਰਜਾਈ ਨੂੰ ਮਾਂ ਸੱਦਣਾ। ਇੱਕੋ ਘਰ ਤੇ ਇੱਕੋ ਚੁੱਲ੍ਹੇ 'ਤੇ ਪਲਦੇ-ਪਲਦੇ ਏਹ ਮੁੰਡੇ ਜੁਆਨ ਹੋਣ ਲੱਗ ਪਏ। ਜਦ ਮਹਿਰਮ 16-17 ਸਾਲਾਂ ਦਾ ਹੋਇਆ ਤੇ ਓਹਦਾ ਵੱਡਾ ਭਰਾ ਮਰ ਗਿਆ। ਗ਼ੁਲਾਮ ਦਾ ਲੱਕ ਟੁੱਟ ਗਿਆ। ਪੁੱਤਰ ਤੇ ਮੋਇਆ ਹੀ ਸੀ, ਓਹਨੂੰ ਆਪਣੀ ਜੁਆਨ ਨੂੰਹ ਦਾ ਫ਼ਿਕਰ ਖਾਣ ਲੱਗ ਪਿਆ। ਪਹਾੜ ਜਿੰਨੀ ਓਹਦੀ ਜ਼ਿੰਦਗੀ ਹਾਲੇ ਸਾਹਮਣੇ ਪਈ ਸੀ ਤੇ ਓਹ ਏਹ ਰੰਡੇਪੇ ਵਿੱਚ ਕਿਵੇਂ ਕੱਟੇਗੀ। ਕੁਝ ਚਿਰ ਲੰਘਿਆ ਤੇ ਇੱਕ ਦਿਨ ਗ਼ੁਲਾਮ ਮਹਿਰਮ ਨਾਲ ਗੱਲ ਕੀਤੀ ਪਈ ਕਿਉਂ ਨਾ ਰਾਜਣ ਦਾ ਨਿਕਾਹ ਓਹ ਓਹਦੇ ਨਾਲ ਕਰ ਦੇਵੇ। ਏਹ ਗੱਲ ਸੁਣ ਕੇ ਮਹਿਰਮ ਦੇ ਪੈਰਾਂ ਥੱਲਿਉਂ ਜ਼ਮੀਨ ਨਿਕਲ ਗਈ। ਆਖਣ ਲੱਗਾ, ''ਬੁਢੜਿਆ ਤੈਨੂੰ ਏਹ ਗੱਲ ਕਰਨ ਲੱਗਿਆਂ ਸ਼ਰਮ ਨਹੀਂ ਆਈ। ਓਹ ਤੇ ਮੇਰੀ ਮਾਂ ਏ। ਮੈਂ ਮਾਂ ਨੂੰ....।"
ਗ਼ੁਲਾਮ ਓਹਨੂੰ ਬੜਾ ਸਮਝਾਇਆ ਪਈ ਮਾਂ ਓਹੋ ਹੁੰਦੀ ਏ ਜਿਹਨੇ ਢਿੱਡ 'ਚੋਂ ਕੱਢਿਆ ਹੁੰਦੈ। ਨਾਲੇ ਬੰਦੇ ਆਪਣੀਆਂ ਰੰਡੀਆਂ ਭਰਜਾਈਆਂ ਨਾਲ ਵਿਆਹ ਕਰਦੇ ਆਏ ਨੇ ਪਰ ਮਹਿਰਮ ਓਹਦੀ ਇੱਕ ਨਾ ਸੁਣੀਂ। ਕੁਝ ਚਿਰ ਜਦ ਦੋਹਵੇਂ ਪਿਉ-ਪੁੱਤਰ ਆਪਣੀ ਗੱਲ 'ਤੇ ਅੜੇ ਰਹੇ ਤੇ ਇੱਕ ਦਿਨ ਗ਼ੁਲਾਮ ਨੇ ਮਹਿਰਮ ਨੂੰ ਫੜ ਕੇ ਕਿੱਕਰ ਨਾਲ ਬੰਨ੍ਹ ਦਿੱਤਾ। ਮਹਿਰਮ ਬੜਾ ਰੌਲਾ ਪਾਇਆ। ਓਹ ਧੁੱਪੇ ਬੰਨ੍ਹੇ ਕੱਟੇ ਵਾਂਗੂੰ ਅੜਿੰਗਿਆ। ਓਹਨੇ ਆਪਣੇ ਪਿਉ ਨੂੰ ਮਣ-ਮਣ ਦਾ ਫੱਕੜ ਤੋਲਿਆ ਪਰ ਗ਼ੁਲਾਮ ਓਹਦੀ ਇੱਕ ਨਾ ਸੁਣੀਂ। ਓਹ ਕਿੱਕਰ ਕੋਲ ਓਹਦੇ ਲਈ ਰੋਟੀ-ਪਾਣੀ ਧਰ ਜਾਂਦਾ ਸੀ ਪਰ ਓਹਦੀ ਗੱਲ ਨਹੀਂ ਸੀ ਸੁਣਦਾ। ਜਦ ਓਹਨੂੰ ਕਿੱਕਰ ਨਾਲ ਬੰਨ੍ਹਿਆਂ ਕੁਝ ਦਿਨ ਹੋ ਗਏ ਤੇ ਲੋਕਾਂ ਤਰਸ ਖਾ ਕੇ ਆ ਕੇ ਗ਼ੁਲਾਮ ਨਾਲ ਗੱਲ ਕੀਤੀ ਤੇ ਓਹ ਅੱਗੋਂ ਕੁੱਦ ਕੇ ਪਿਆ ਤੇ ਆਖਣ ਲੱਗਾ, ''ਮੈਂ ਏਹਨੂੰ ਖੋਲ੍ਹ ਦੇਵਾਂ ਤੇ ਆਪਣੀ ਨੂੰਹ ਦਾ ਕੀ ਕਰਾਂ? ਜੁਆਨ ਜਹਾਨ ਕਿਵੇਂ ਘਰ ਬਹਿ ਕੇ ਰੰਡੇਪਾ ਕੱਟੇਗੀ? ਓਹ ਤੇ ਭਾਵੇਂ ਕੱਟ ਲਵੇਗੀ ਪਰ ਕੰਜਰ ਲੋਕਾਂ ਨਹੀਂ ਕੱਟਣ ਦੇਣਾ। ਰੋਜ਼ ਓਹਦੇ ਪਿੱਛੇ ਕੋਈ ਨਾ ਕੋਈ ਗੁੱਡਾ ਬੱਝਿਆ ਹੋਵੇਗਾ। ਕਦੇ ਕਹਿਣਗੇ ਕਿਸੇ ਮਰਾਸੀ ਨਾਲ ਅੜੀ ਹੋਈ ਏ, ਤੇ ਕਦੀ ਕਿਸੇ ਮੁਸੱਲੀ ਨਾਲ। ਮੈਥੋਂ ਬੰਦੇ-ਬੰਦੇ ਦੇ ਗਲ ਨਹੀਂ ਪਿਆ ਜਾਣਾ। ਜੇ ਮੈਂ ਓਹਨੂੰ ਓਹਦੇ ਪੇਕਿਆਂ ਵੱਲ ਘੱਲ ਦੇਵਾਂਗੇ ਤੇ ਓਹਨਾਂ ਕਿਹੜਾ ਓਹਨੂੰ ਘਰ ਬਹਾ ਲੈਣੈਂ। ਓਹਨਾਂ ਵੀ ਤੇ ਓਹਨੂੰ ਕਿਸੇ ਬੁੱਢੇ ਠੇਰੇ ਦੇ ਗਲ਼ ਮੜ੍ਹ ਦੇਣੈਂ। ਕਲ੍ਹ ਜੇ ਓਹ ਕਿਸੇ ਸ਼ਰੀਕ ਦੇ ਘਰ ਵਿਆਹ ਕੇ ਤੁਰ ਗਈ ਤੇ ਲੋਕਾਂ ਮੈਨੂੰ ਜਿਊਣ ਨਹੀਂ ਦੇਣਾ। ਚੱਲੋ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਂਦਾ ਹਾਂ ਪਰ ਮੈਂ ਕਲ੍ਹ ਮਹਿਰਮ ਨੂੰ ਵਿਆਹੁਣਾ ਵੀ ਤੇ ਹੈ। ਮੇਰੇ ਕੋਲ ਕਿਹੜਾ ਓਹਦਾ ਵੱਟਾ ਪਿਐ।" ਗ਼ੁਲਾਮ ਦੀਆਂ ਗੱਲਾਂ ਸੁਣ ਕੇ ਲੋਕ ਲਾਜੁਆਬ ਹੋ ਕੇ ਤੁਰ ਗਏ। ਰੋ-ਪਿੱਟ ਅੜਿੰਗ ਕੇ ਗਾਹਲਾਂ ਕੱਢ ਕੇ ਆਖ਼ਰ ਮਹਿਰਮ ਨੇ ਹਥਿਆਰ ਸੁੱਟ ਦਿੱਤੇ। ਓਹਨੂੰ ਪਤਾ ਸੀ ਕਿ ਕਿੱਕਰ ਨਾਲ ਬੰਨ੍ਹਿਆਂ-ਬੰਨ੍ਹਿਆਂ ਜੇ ਓਹ ਮਰ ਵੀ ਗਿਆ ਤਾਂ ਵੀ ਓਹਦੇ ਪਿਉ ਆਪਣੀ ਗੱਲ ਮਨਾਏ ਬਿਨਾ ਓਹਨੂੰ ਨਹੀਂ ਖੋਲ੍ਹਣਾ। ਜਿਨ੍ਹਾਂ ਮਹਿਰਮ ਨੂੰ ਅੜਿੰਗਦਿਆਂ ਸੁਣਿਆਂ ਸੀ, ਜਦ ਓਹ ਘੋੜੀ ਚੜ੍ਹਿਆ ਤੇ ਓਹਨਾਂ ਖੱਚਾਂ ਮਾਰੀਆਂ ਤੇ ਹੁਣ ਜਦ ਓਹ ਇੱਕ ਬਾਲ ਨੂੰ ਮੋਢੇ 'ਤੇ ਦੂਜੇ ਨੂੰ ਕੁਛੜ ਚੁੱਕ ਕੇ ਗਲੀ 'ਚੋਂ ਲੰਘਦੈ, ਤੇ ਓਹ ਫੇਰ ਵੀ ਖੱਚਾਂ ਮਾਰਦੇ ਨੇ ਤੇ ਓਹਦੇ ਪਿਉ ਡੇਰੇ 'ਤੇ ਬਹਿ ਕੇ ਮੁੱਛਾਂ ਨੂੰ ਮਰੋੜੇ ਦੇਂਦਾ ਏ।

No comments:

Post a Comment