Wednesday, October 7, 2009

Sanjha punjab 22-b

ਸਾਂਝਾ ਪੰਜਾਬ

ਯੋਹਾਨਾ ਦੀ ਸ਼ਾਦੀ

ਮੇਰੀ ਬੀਵੀ ਰੋਜ਼ ਮੈਨੂੰ ਯੋਹਾਨਾ ਦੀ ਸ਼ਾਦੀ 'ਤੇ ਜਾਣ ਲਈ ਯਾਦ ਕਰਵਾਉਂਦੀ ਏ ਤੇ ਮੈਂ ਅੱਗੋਂ ਹੂੰ, ਹਾਂ ਕਰ ਛੱਡਦਾ ਹਾਂ। ਅਸਲ ਵਿੱਚ ਏਸ ਸ਼ਾਦੀ 'ਤੇ ਜਾਣ ਲਈ ਵਿੱਚੋਂ ਮੇਰਾ ਦਿਲ ਨਹੀਂ ਕਰਦਾ। ਪਰ ਨਾਲ ਹੀ ਇੱਕ ਕਰੀਬੀ ਰਿਸ਼ਤਾ ਹੋਣ ਪਾਰੋਂ ਮੇਰੇ ਵਿੱਚ ਹਿੰਮਤ ਨਹੀਂ ਪੈਂਦੀ ਕਿ ਮੈਂ ਸਿੱਧੀ-ਸਿੱਧੀ ਨਾਂਹ ਕਰ ਦੇਵਾਂ। ਮੈਂ ਰੋਜ਼ ਕੋਈ ਅਜੇਹਾ ਬਹਾਨਾ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਜਿਸ ਰਾਹੀਂ ਮੇਰੀ ਬੀਵੀ ਵੀ ਨਾ ਵਿਗੜੇ ਤੇ ਮੈਨੂੰ ਏਸ ਸ਼ਾਦੀ 'ਤੇ ਵੀ ਨਾ ਜਾਣਾ ਪਵੇ। ਮੇਰੀ ਏਹ ਗੱਲ ਸੁਣ ਕੇ ਬਹੁਤ ਸਾਰੇ ਬੰਦੇ ਹੈਰਾਨ ਹੋਣਗੇ ਕਿ ਏਹ ਅਜੀਬ ਬੰਦਾ ਏ ਜੋ ਸ਼ਾਦੀ 'ਤੇ ਨਹੀਂ ਜਾਂਦਾ। ਬੰਦੇ ਤੇ ਕਿਸੇ ਵਿਆਹ ਸ਼ਾਦੀ 'ਤੇ ਜਾਣ ਲਈ ਤਰਸਦੇ ਨੇ, ਕਿਸੇ ਸ਼ਾਦੀ ਦਾ ਸੱਦਾ ਆਉਣ ਮਗਰੋਂ ਇੱਕ-ਇੱਕ ਦਿਨ ਗਿਣ ਕੇ ਗੁਜ਼ਾਰਦੇ ਨੇ। ਮੇਰੇ ਏਸ ਸ਼ਾਦੀ 'ਤੇ ਜਾਣ ਤੋਂ ਕੰਨੀ ਕਤਰਾਉਣ ਦੀ ਵਜ੍ਹਾ ਏਹ ਨਹੀਂ ਕਿ ਮੈਂ ਸ਼ਾਦੀਆਂ 'ਤੇ ਜਾਂਦਾ ਨਹੀਂ। ਮੈਂ ਸਾਰੀ ਜ਼ਿੰਦਗੀ ਸ਼ਾਦੀਆਂ 'ਤੇ ਗਿਆ ਹਾਂ ਤੇ ਹੁਣ ਵੀ ਜਾਂਦਾ ਹਾਂ ਪਰ ਏਹ ਇੱਕ ਖ਼ਾਸ ਸ਼ਾਦੀ ਏ ਜਿਹਨੇ ਮੇਰੀ ਜ਼ਾਤ ਨੂੰ ਵੰਡ ਦਿੱਤਾ ਏ ਤੇ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੀ ਕਰਾਂ। ਇੱਕ ਪਾਸੇ ਤੇ ਦੋ ਬੰਦਿਆਂ ਦੇ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਹਿਤਰਾਮ ਏ ਤੇ ਦੂਜੇ ਪਾਸੇ ਪੰਜਾਬੀ ਸਮਾਜ ਦੀਆਂ ਕਈ ਡਰਾਉਣੀਆਂ ਯਾਦਾਂ ਆਉਂਦੀਆਂ ਨੇ।
ਯੋਹਾਨਾ ਮੇਰੀ ਬੀਵੀ ਦੀ ਸੱਕੀ ਫੁਫੀ ਦੀ ਧੀ ਏ ਤੇ ਓਹ ਆਪਣੇ ਮਾਂ-ਪਿਉ ਦਾ ਇਕੱਲਾ-ਇਕੱਲਾ ਬਾਲ ਏ। ਮੇਰੀ ਬੀਵੀ ਦਾ ਨਿੱਕੇ ਹੁੰਦਿਆਂ ਤੋਂ ਆਪਣੀ ਏਸ ਫੁਫੀ ਨਾਲ ਖ਼ਾਸ ਜੋੜ ਰਿਹੈ। ਏਹ ਫੁਫੀ ਸਾਡੇ ਘਰ ਵੀ ਕਈ ਵਾਰ ਆਈ ਏ, ਅਸੀਂ ਵੀ ਓਹਦੇ ਘਰ ਕਈ ਵਾਰ ਗਏ ਆਂ। ਏਸ ਆਉਣ-ਜਾਣ ਦੀ ਖ਼ਾਸ ਗੱਲ ਏਹ ਹੈ ਕਿ ਅਸੀਂ ਇੱਕ ਸ਼ਹਿਰ ਵਿੱਚ ਨਹੀਂ ਰਹਿੰਦੇ। ਓਹ ਦੱਖਣੀ ਸਵੀਡਨ ਦੇ ਇੱਕ ਨਿੱਕੇ ਜਿਹੇ ਸ਼ਹਿਰ ਵਿੱਚ ਰਹਿੰਦੀ ਏ ਜੋ ਸਟਾਕਹੋਮ ਤੋਂ ਘਟੋਘਟ 800 ਕਿਲੋਮੀਟਰ ਦੂਰ ਏ। ਜੇ ਬੰਦਾ ਕਾਰ ਜਾਂ ਗੱਡੀ ਰਾਹੀਂ ਉਥੇ ਜਾਵੇ ਤੇ ਪੂਰੀ ਦਿਹਾੜੀ ਭੱਜ ਜਾਂਦੀ ਏ। ਜੇ ਬੰਦਾ ਜਹਾਜ਼ ਰਾਹੀਂ ਜਾਵੇ ਤੇ ਅੱਗੋਂ ਦੋ ਹੋਰ ਯੱਭ ਨੇ। ਪਹਿਲਾ ਏਹ ਕਿ ਏਥੇ ਜਹਾਜ਼ ਰੋਜ਼ ਜਾਂਦਾ ਨਹੀਂ। ਜੇ ਜਾਂਦਾ ਏ ਤੇ ਏਹਦੀ ਟਿਕਟ ਏਨੀ ਮਹਿੰਗੀ ਏ ਕਿ ਇਤਨੇ ਪੈਸਿਆਂ ਵਿੱਚ ਲੱਗਭੱਗ ਯੋਰਪ ਦੇ ਸਾਰੇ ਸ਼ਹਿਰਾਂ ਦੀ ਟਿਕਟ ਆ ਜਾਂਦੀ ਏ। ਇਤਨਾ ਫ਼ਾਸਲਾ ਹੋਣ ਦੇ ਬਾਵਜੂਦ ਸਾਡਾ ਮੇਲ ਮਿਲਾਪ ਹਮੇਸ਼ਾ ਰਿਹਾ। ਉਂਝ ਤੇ ਏਥੇ ਗੋਰੇ ਇੱਕ ਸ਼ਹਿਰ ਵਿੱਚ ਰਹਿਣ ਦੇ ਬਾਵਜੂਦ ਕਈ-ਕਈ ਸਾਲ ਆਪਣੇ ਮਾਂ-ਪਿਉ ਤੇ ਭੈਣ ਭਰਾਵਾਂ ਨੂੰ ਨਹੀਂ ਮਿਲਦੇ।
ਯੋਹਾਨਾ ਦੀ ਮਾਂ ਕਿਸੇ ਕਾਲਜ ਦੀ ਪ੍ਰਿੰਸੀਪਲ ਦੇ ਤੌਰ 'ਤੇ ਰਿਟਾਇਰ ਹੋਈ ਏ ਤੇ ਓਹਦਾ ਘਰ ਵਾਲਾ ਅੱਜ ਤੋਂ 15 ਸਾਲ ਪਹਿਲੇ ਸਾਰੀ ਜ਼ਿੰਦਗੀ ਸਾਈਕਾਲੋਜਿਸਟ ਦੇ ਤੌਰ 'ਤੇ ਕੰਮ ਕਰ ਕੇ ਰਿਟਾਇਰ ਹੋਇਆ। ਦੋਹਾਂ ਪਤੀ ਤੇ ਪੱਤਨੀ ਦੀਆਂ ਉਮਰਾਂ ਵਿੱਚ ਕੋਈ 10 ਸਾਲ ਦਾ ਫ਼ਰਕ ਏ। ਯੋਹਾਨਾ ਮਾਂ-ਪਿਉ ਦਾ ਇਕੱਲਾ ਬਾਲ ਏ ਜੋ ਮੰਨਤਾਂ ਤੇ ਦੁਆਵਾਂ ਨਾਲ ਬੜੇ ਵਰ੍ਹਿਆਂ ਦੀ ਉਡੀਕ ਮਗਰੋਂ ਜੰਮਿਆਂ। ਏਸ ਪਾਰੋਂ ਓਹ ਖ਼ਾਸ ਬਾਲ ਸੀ। ਓਹਦੇ ਲਾਡ ਚੁੱਕਣੇ ਤੇ ਵੱਖਰੀ ਗੱਲ ਰਹਿ ਗਈ, ਓਹਦੇ ਮਾਂ-ਪਿਉ ਓਹਦੇ ਤੋਂ ਸਦਕੇ ਤੇ ਵਾਰੀ ਜਾਂਦੇ ਸਨ। ਕਈ ਵਾਰ ਤੇ ਇੰਝ ਲੱਗਦਾ ਸੀ ਜਿਵੇਂ ਜਣੇ ਸੁਆਣੀ ਵਿੱਚ ਇੱਕ ਤਰ੍ਹਾਂ ਦਾ ਮੁਕਾਬਲਾ ਲੱਗਾ ਹੋਇਆ ਸੀ ਪਈ ਓਹਨਾਂ ਵਿੱਚੋਂ ਕਿਹੜਾ ਯੋਹਾਨਾ ਦੇ ਬਹੁਤੇ ਨਾਜ਼-ਨਖ਼ਰੇ ਚੁੱਕਦਾ ਏ। ਯੋਹਾਨਾ ਘਰ ਦੀ ਰਾਣੀ ਬਣ ਗਈ ਤੇ ਓਹਦੇ ਮਾਂ-ਪਿਉ ਓਹਦੇ ਹੱਥ ਬੰਨ੍ਹੇਂ ਗ਼ੁਲਾਮ ਸਨ। ਓਹਦੇ ਮੂੰਹ 'ਚੋਂ ਗੱਲ ਨਿਕਲੀ ਨਹੀਂ ਜੇ ਪਹਿਲੇ ਪੂਰੀ ਹੋ ਗਈ। ਮੰਗਾਂ ਤੋਂ ਵੱਖ ਘਰ ਦੇ ਫ਼ੈਸਲੇ ਵੀ ਓਹਦੀ ਮਰਜ਼ੀ ਨਾਲ ਹੁੰਦੇ ਸਨ। ਘਰ ਦਾ ਰੰਗ ਕਿਹੜਾ ਹੋਣਾ ਚਾਹੀਦਾ ਏ, ਕਿਹੜੀ ਕਾਰ ਹੋਣੀ ਚਾਹੀਦੀ ਏ, ਫ਼ਰਨੀਚਰ ਕਿਹੋ ਜਿਹਾ ਹੋਣਾ ਚਾਹੀਦਾ ਏ। ਓਹਨੇ ਦੇ ਘਰ ਵਿੱਚ ਜੇ ਕਿਸੇ ਰਿਸ਼ਤੇਦਾਰ ਜਾਂ ਮਿਲਣ ਵਾਲੇ ਨੂੰ ਕੋਈ ਗੱਲ ਅਜੀਬ ਲੱਗਣੀ ਤੇ ਓਹਦੇ ਮਾਂ-ਪਿਉ ਸੱਠ ਸਫ਼ਾਈ ਪੇਸ਼ ਕਰਨੀ ਕਿ ਏਹ ਯੋਹਾਨਾ ਚਾਹੁੰਦੀ ਸੀ। ਯੋਹਾਨਾ ਤੋਂ ਓਹਦੇ ਮਾਂ-ਪਿਉ ਤੇ ਡਰਦੇ ਹੀ ਸਨ ਪਰ ਏਹ ਡਰ ਓਹਨਾਂ ਦੇ ਮਿਲਣ ਵਾਲਿਆਂ ਨੂੰ ਵੀ ਕਬੂਲ ਕਰਨਾ ਪੈਂਦਾ ਸੀ। ਅਸੀਂ ਜਿਤਨੀ ਵਾਰੀ ਵੀ ਓਹਨਾਂ ਦੇ ਘਰ ਗਏ, ਏਹ ਡਰ ਸਾਨੂੰ ਇੱਕ ਭੂਤ-ਪ੍ਰੇਤ ਵਾਂਗ ਚੰਬੜਿਆ ਰਹਿੰਦਾ ਸੀ। ਯੋਹਾਨਾ ਵਿਗੜੀ ਤੇ ਲਾਡਲੀ ਹੋਣ ਤੋਂ ਵੱਖ ਸਿਖ਼ਰ ਦੀ ਇਕੱਲੀ ਸੀ। ਸਾਰਾ ਘਰ ਖਿਡਾੳਣਿਆਂ ਨਾਲ ਭਰਿਆ ਹੁੰਦਾ ਸੀ ਪਰ ਓਹਦੇ ਨਾਲ ਖੇਡਣ ਵਾਲਾ ਬਾਲ ਕੋਈ ਨਹੀਂ ਸੀ ਹੁੰਦਾ। ਓਹਦੇ ਨਾਲ ਖੇਡਣ ਦੀ ਡਿਊਟੀ ਓਹਦੇ ਮਾਂ-ਪਿਉ ਨੂੰ ਦੇਣੀ ਪੈਂਦੀ ਸੀ। ਕਈ ਵਾਰੀ ਓਹਦੇ ਨਾਲ ਓਹਦੇ ਮਾਂ-ਪਿਉ ਨੂੰ ਖੇਡਦਿਆਂ ਵੇਖ ਕੇ ਹਾਸਾ ਆਉਂਦਾ ਸੀ ਕਿ ਦੋ ਪੜ੍ਹੇ ਲਿਖੇ ਤੇ ਭਾਰੇ ਗੋਰੇ ਬੰਦੇ ਓਹਦੇ ਨਾਲ ਬਾਲ ਬਣੇ ਹੁੰਦੇ ਸਨ। ਏਸ ਖੇਡ ਵਿੱਚ ਓਹਦਾ ਪਿਉ ਹਮੇਸ਼ ਅੱਗੇ ਹੁੰਦਾ ਸੀ। ਯੋਹਾਨਾ ਦਾ ਦੂਜੇ ਬਾਲਾਂ ਨੂੰ ਨਾ ਮਿਲਣਾ ਤੇ ਵੱਖਰੀ ਗੱਲ ਰਹਿ ਗਈ ਓਹ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਸੀ ਮਿਲਦੀ। ਜਦ ਕਦੇ ਵੀ ਖ਼ਾਨਦਾਨ ਵਿੱਚ ਕਿਸੇ ਮਰਨੇ-ਪਰਣੇ ਦਾ ਇਕੱਠ ਹੋਣਾ ਤੇ ਏਹਦੇ ਵਿੱਚ ਏਹ ਦੋਹਵੇਂ ਬੰਦੇ ਕਦੇ ਇਕੱਠੇ ਸ਼ਾਮਲ ਨਹੀਂ ਸਨ ਹੁੰਦੇ। ਓਹਦੀ ਵਜ੍ਹਾ ਯੋਹਾਨਾ ਹੁੰਦੀ ਸੀ। ਕਿਉਂਜੇ ਮਾਂ-ਪਿਉ ਵਿੱਚੋਂ ਇੱਕ ਬੰਦੇ ਨੂੰ ਓਹਦੇ ਨਾਲ ਘਰ ਰਹਿਣਾ ਪੈਂਦਾ ਸੀ। ਏਹ ਡਿਊਟੀ ਲੱਗਭੱਗ ਹਰ ਵਾਰ ਓਹਦੇ ਪਿਉ ਨੂੰ ਦੇਣੀ ਪੈਂਦੀ ਸੀ। ਵੇਲੇ ਦੇ ਲੰਘਣ ਨਾਲ ਯੋਹਾਨਾ ਵੱਡੀ ਹੁੰਦੀ ਗਈ। ਮੇਰੀ ਬੀਵੀ ਜਦ ਕਦੇ ਆਪਣੀ ਫੁਫੀ ਨਾਲ ਗੱਲ ਕਰਨੀ ਤੇ ਓਹਨੇ ਰਸਮੀ ਤੌਰ 'ਤੇ ਯੋਹਾਨਾ ਦਾ ਪੁੱਛਣਾ ਤੇ ਅੱਗੋਂ ਓਹਦੀ ਫੁਫੀ ਠੰਡਾ ਸਾਹ ਭਰ ਕੇ ਆਖਣਾ, ''ਯੋਹਾਨਾ ਉਂਝ ਦੀ ਉਂਝ ਤੇ ਠੀਕ ਏ।" ਯੋਹਾਨਾ ਬਾਲਪੁਣੇ ਦੀ ਪੌੜੀ ਚੜ੍ਹ ਕੇ ਜੁਆਨੀ ਵਿੱਚ ਪੈਰ ਰੱਖਿਆ ਤੇ ਓਹਦੇ ਖ਼ਾਨਦਾਨ ਦੇ ਦੂਜੇ ਜੁਆਨ ਹੋਏ ਮੁੰਡੇ ਕੁੜੀਆਂ ਆਪਣੇ ਬੁਆਏ-ਫ਼੍ਰੈਂਡ ਅਤੇ ਗਰਲ-ਫ਼੍ਰੈਂਡਜ਼ ਲੱਭ ਲਏ। ਪਰ ਯੋਹਾਨਾ ਵਿਹਲੀ ਸੀ। ਸਵੀਡਿਸ਼ ਸਮਾਜ ਵਿੱਚ ਏਹ ਗੱਲ ਇੱਕ ਤਰ੍ਹਾਂ ਦਾ ਮਿਹਣਾ ਏ। ਜੇ ਏਥੇ ਕਿਸੇ ਮੁੰਡੇ-ਕੁੜੀ ਦਾ 15 ਸਾਲ ਦੀ ਉਮਰ ਤੀਕ ਕੋਈ ਬੁਆਏ ਫ਼੍ਰੈਂਡ ਜਾਂ ਗਰਲ-ਫ਼੍ਰੈਂਡ ਨਹੀਂ ਹੁੰਦੀ ਤੇ ਲੋਕੀਂ ਗੱਲਾਂ ਬਣਾਉਂਦੇ ਨੇ। ਕੁਝ ਓਹਨੂੰ ਤਰਸ ਦੀ ਨਿਗਾਹ ਨਾਲ ਵੇਖਦੇ ਨੇ ਤੇ ਕੁਝ ਇੱਕ ਦੂਜੇ ਨਾਲ ਕਾਨਾਫੂਸੀਆਂ ਕਰਦੇ ਨੇ ਪਈ ਵਿਚਾਰੀ ਦੇ ਦਿਮਾਗ ਵਿੱਚ ਖ਼ਰਾਬੀ ਏ। ਯੋਹਾਨਾ ਹਾਈ ਸਕੂਲ ਪਾਸ ਕਰ ਕੇ ਕਾਲਜ ਵਿੱਚ ਦਾਖ਼ਲ ਹੋ ਗਈ। ਜਦ ਕਦੇ ਕਿਸੇ ਰਿਸ਼ਤੇਦਾਰ ਓਹਦੇ ਮਾਂ-ਪਿਉ ਤੋਂ ਪੁੱਛਣਾ ਤੇ ਓਹਨਾਂ ਅੱਗੋਂ ਓਹੋ ਪੁਰਾਣਾ ਜੁਆਬ ਦੇਣਾ, ''ਯੋਹਾਨਾ ਹਾਲੇ ਤੀਕ ਇਕੱਲੀ ਏ।" ਮੈਨੂੰ ਨਹੀਂ ਪਤਾ ਏਹਦੀ ਵਜ੍ਹਾ ਲੋਕਾਂ ਦੇ ਏਹ ਸੁਆਲ ਸਨ ਜਿਹਨਾਂ ਤੋਂ ਅੱਕ ਕੇ ਜਾਂ ਫੇਰ ਯੋਹਾਨਾ ਦਾ ਆਪਣਾ ਦਿਲ ਕੀਤਾ ਸੀ। ਬਹਿਰਹਾਲ ਓਹਦੇ ਮਾਂ-ਪਿਉ ਓਹਨੂੰ ਇੱਕ ਕੁੱਤਾ ਲਿਆ ਦਿੱਤਾ। ਹੁਣ ਜਦ ਲੋਕਾਂ ਪੁੱਛਣਾ ਤੇ ਓਹਨਾ ਅੱਗੋਂ ਕਹਿਣਾ, ''ਯੋਹਾਨਾ ਆਪਣੇ ਕੁੱਤੇ ਨਾਲ ਬਹੁਤ ਖ਼ੁਸ਼ ਏ।" ਯੋਹਾਨਾ ਕਾਲਜ ਪਾਸ ਕੀਤਾ ਤੇ ਓਹਨੂੰ ਸੋਕੜੇ ਦੀ ਬਿਮਾਰੀ ਲੱਗ ਗਈ। ਓਹਨੇ ਖਾਣਾ-ਪੀਣਾ ਛੱਡ ਦਿੱਤਾ। ਏਹ ਦੇਖ ਕੇ ਓਹਦੇ ਮਾਂ-ਪਿਉ ਦੀ ਜਾਨ ਟੰਗੀ ਗਈ। ਓਹ ਆਪਣਾ ਸਭ ਕੁਝ ਛੱਡ ਕੇ ਓਹਦੀ ਜਾਨ ਬਚਾਉਣ ਦੇ ਪਿੱਛੇ ਲੱਗ ਪਏ। ਓਹਨਾਂ ਸਵੀਡਨ ਦਾ ਕੋਈ ਵੱਡੇ ਤੋਂ ਵੱਡਾ ਡਾਕਟਰ ਤੇ ਸਾਈਕਾਲੋਜਿਸਟ ਨਾ ਛੱਡਿਆ ਪਰ ਯੋਹਾਨਾ ਦੀ ਬਿਮਾਰੀ ਲੰਬੀ ਹੁੰਦੀ ਗਈ। ਤੇ ਓਹ ਹੱਡੀਆਂ ਦੀ ਮੁੱਠ ਬਣ ਗਈ। ਓਹਦੇ ਮਾਂ-ਪਿਉ ਮਜਬੂਰ ਹੋ ਕੇ ਓਹਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਜਿਥੇ ਡਾਕਟਰਾਂ ਓਹਨੂੰ ਨਾਲੀਆਂ ਨਾਲ ਖ਼ੁਰਾਕ ਦੇਣੀ ਸ਼ੁਰੂ ਕਰ ਦਿੱਤੀ। ਯੋਹਾਨਾ ਏਥੇ ਕਈ ਮਹੀਨੇ ਦਾਖ਼ਲ ਰਹੀ ਤੇ ਫੇਰ ਹੌਲੀ-ਹੌਲੀ ਤੰਦਰੁਸਤ ਹੋਣ ਲੱਗ ਪਈ। ਤੰਦੁਰਸਤ ਹੋਣ ਪਿੱਛੋਂ ਓਹਨੇ ਯੁਨੀਵਰਸਿਟੀ ਦਾਖ਼ਲਾ ਲੈ ਲਿਆ ਤੇ ਆਪਣੇ ਪਿਉ ਦੀ ਤਰ੍ਹਾਂ ਸਾਈਕਾਲੋਜੀ ਪੜ੍ਹਨ ਲੱਗ ਪਈ। ਪੜ੍ਹਾਈ ਵਿੱਚ ਓਹ ਹਮੇਸ਼ ਲਾਇਕ ਰਹੀ ਸੀ। ਓਹਨੇ ਕਈ ਸਾਲ ਪੜ੍ਹਨ ਮਗਰੋਂ ਬਹੁਤ ਚੰਗੇ ਨੰਬਰਾਂ ਵਿੱਚ ਡਾਕਟ੍ਰੇਟ ਦੀ ਡਿਗਰੀ ਲੈ ਲਈ। ਪੜ੍ਹਾਈ ਮੁਕਾਉਣ ਮਗਰੋਂ ਕੁਝ ਸਾਲ ਏਧਰ-ਉਧਰ ਵਕਤੀ ਨੌਕਰੀਆਂ ਕਰਨ ਮਗਰੋਂ ਆਖ਼ਰ ਨੂੰ ਸਾਈਕਾਲੋਜਿਸਟ ਦੀ ਨੌਕਰੀ ਲੱਭ ਗਈ। ਹੁਣ ਓਹਦੇ ਕੋਲ ਓਹ ਸਭ ਕੁਝ ਸੀ ਜੇਹਦਾ ਕੋਈ ਸਵੀਡਿਸ਼ ਬੰਦਾ ਸੁਪਨਾ ਵੇਖਦਾ ਏ। ਤਗੜੀ ਤਨਖਾਹ, ਵੱਡੀ ਸਾਰੀ ਡਿਗਰੀ ਤੇ ਉੱਚੇ ਰੁਤਬੇ ਵਾਲੀ ਨੌਕਰੀ। ਅਮੀਰ ਮਾਂ-ਪਿਉ ਦੀ ਇਕੱਲੀ ਧੀ ਹੋਣ ਪਾਰੋਂ ਬਹੁਤ ਸਾਰੀ ਜਾਇਦਾਦ ਦੀ ਵਾਰਿਸ। ਵੇਲੇ ਦੇ ਲੰਘਣ ਨਾਲ ਓਹ 30 ਸਾਲਾਂ ਦੀ ਚੌਖ਼ਟ ਪਾਰ ਕਰ ਕੇ ਉਮਰ ਦੇ ਪੱਕੇ ਹਿੱਸੇ ਵਿੱਚ ਦਾਖ਼ਲ ਹੋ ਗਈ। ਪਰ ਓਹ ਹਾਲੇ ਤੀਕ ਇਕੱਲੀ ਦੀ ਇਕੱਲੀ ਸੀ। ਲੋਕਾਂ ਦੇ ਪੁੱਛਣ 'ਤੇ ਓਹਦੇ ਮਾਂ-ਪਿਉ ਸਾਲਾਂ ਬੱਧੀ ਰਟਿਆ ਜੁਆਬ ਦੇਣਾ, ''ਯੋਹਾਨਾ ਆਪਣੇ ਕੁੱਤੇ ਨਾਲ ਖ਼ੁਸ਼ ਏ।" ਓਹਦੇ ਨਾਲ ਦੇ ਚਾਚਿਆਂ, ਤਾਇਆਂ, ਮਾਮਿਆਂ, ਫੁਫੀਆਂ ਦੇ ਪੁੱਤਰ ਧੀ ਕਬੀਲਦਾਰ ਹੋ ਗਏ ਸਨ ਤੇ ਓਹਨਾਂ ਦੇ ਬਾਲ ਵੀ ਜੁਆਨ ਹੋਣ ਲੱਗ ਪਏ ਸਨ। ਓਹਨਾਂ ਹੌਲੀ-ਹੌਲੀ ਪੁੱਛਣਾ ਛੱਡ ਦਿੱਤਾ ਸੀ ਕਿ ਓਹ ਇਕੱਲੀ ਏ ਜਾਂ ਓਹਨੂੰ ਕੋਈ ਬੰਦਾ ਲੱਭਿਐ। ਕੁਝ ਵਰ੍ਹੇ ਪਹਿਲਾਂ ਓਹਨੂੰ ਖ਼ਵਰੇ ਕੀ ਉਲੇਲ ਆਇਆ ਕਿ ਓਹਨੇ ਆਪਣਾ ਵੱਖਰਾ ਘਰ ਲੈ ਲਿਆ। ਓਹਦੇ ਮਾਂ-ਪਿਉ ਰੋਏ ਪਿੱਟੇ, ਓਹਨਾਂ ਮਿੰਨਤਾਂ ਕੀਤੀਆਂ ਪਰ ਓਹ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਪਣੇ ਘਰ ਵਿੱਚ ਸ਼ਿਫ਼ਟ ਹੋ ਗਈ। ਓਹਦੇ ਜਾਣ ਮਗਰੋਂ ਓਹਦਾ ਪਿਉ ਬਿਮਾਰ ਹੋ ਗਿਆ ਤੇ ਇੰਝ ਲੱਗਦਾ ਸੀ ਜਿਵੇਂ ਘੱਟ ਈ ਬਚੇਗਾ। ਕਈ ਮਹੀਨੇ ਬਿਮਾਰ ਰਹਿਣ ਮਗਰੋਂ ਓਹ ਤੰਦਰੁਸਤ ਤੇ ਹੋ ਗਿਆ ਪਰ ਬਿਮਾਰੀ ਓਹਨੂੰ ਤਗੜਾ ਰਗੜਾ ਲਾ ਗਈ ਤੇ ਓਹ ਦਿਮਾਗੀ ਤੇ ਜਿਸਮਾਨੀ ਤੌਰ 'ਤੇ ਬੇਕਾਰ ਹੋ ਗਿਆ। ਏਸ ਖ਼ਾਨਦਾਨ ਦੇ ਹਾਲਾਤ ਓਸੇ ਚਾਲੇ ਤੁਰੇ ਜਾ ਰਹੇ ਸਨ ਤੇ ਇੱਕ ਖ਼ਬਰ ਆ ਕੇ ਭੁਚਾਲ ਲਿਆ ਦਿੱਤਾ। ਮੇਰੇ ਸਹੁਰੇ ਹੱਸਦਿਆਂ ਤੇ ਠੱਠਾ ਜੇਹਾ ਕਰਦਿਆਂ ਮੇਰੀ ਬੀਵੀ ਨੂੰ ਫ਼ੋਨ ਕੀਤਾ, ''ਤੈਨੂੰ ਪਤਾ ਏ ਯੋਹਾਨਾ ਦੀ ਮੰਗਣੀ ਹੋ ਗਈ ਏ?" ਏਹ ਖ਼ਬਰ ਸੁਣ ਕੇ ਮੇਰੀ ਬੀਵੀ ਹੱਕੀ-ਬੱਕੀ ਰਹਿ ਗਈ ਤੇ ਪੁੱਛਣ ਲੱਗੀ ਕਿ ਓਹ ਕੌਣ ਏ? ਆਖਣ ਲੱਗਾ ਕਿ ਮੈਨੂੰ ਇਤਨਾ ਈ ਪਤਾ ਲੱਗਾ ਏ ਕਿ ਓਹ ਓਸੇ ਸ਼ਹਿਰ ਦਾ ਰਹਿਣ ਵਾਲਾ ਏ ਤੇ ਯੋਹਾਨਾ ਦਾ ਇੱਕ ਮਰੀਜ਼ ਸੀ। ਓਹਨਾਂ ਦਾ ਬੜੇ ਚਿਰ ਤੋਂ ਖ਼ੁਫੀਆਂ ਇਸ਼ਕ ਚੱਲ ਰਿਹਾ ਸੀ ਪਰ ਹੁਣ ਓਹਨਾਂ ਮੰਗਣੀ ਕਰ ਲਈ ਏ। ''ਓਹ ਕਰਦਾ ਕੀ ਏ?" ਮੇਰੀ ਬੀਵੀ ਪੁੱਛਿਆ। ''ਕਰਦਾ ਕੁਰਦਾ ਕੁਝ ਨਹੀਂ, ਓਹ ਪੈਨਸ਼ਨਰ ਏ, ਏਸ ਸਾਲ ਓਹਨੇ ਆਪਣੀ 75ਵੀਂ ਵਰ੍ਹੇਗੰਢ ਮਨਾਈ ਏ।"

No comments:

Post a Comment