Wednesday, October 7, 2009

Sanjha punjab 23-b


ਸਾਂਝਾ ਪੰਜਾਬ

ਯੋਹਾਨਾ ਦੇ ਵਿਆਹ ਅਤੇ ਉਹਦੇ ਆਪਣੇ ਜੀਵਨ ਸਾਥੀ ਚੁਣਨ ਉੱਤੇ ਬਜ਼ਾਹਿਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਏਂ। ਤੇ ਜੇ ਕਰ ਕਿਸੇ ਨੂੰ ਏਸ ਉੱਤੇ ਇਤਰਾਜ਼ ਹੈ ਵੀ, ਤੇ ਓਹਨੂੰ ਏਸ ਗੱਲ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਏਸ ਦਾ ਖੁਲ੍ਹਾ-ਖੁਲ੍ਹਾ ਵਿਖਾਲਾ ਕਰੇ। ਓਹਦੀ ਇੱਕ ਵਜ੍ਹਾ ਤੇ ਏਹ ਹੈ ਕਿ ਏਥੇ ਆਪਣਾ ਜੀਵਨ ਸਾਥੀ ਚੁਣਨਾ ਹਰ ਬੰਦੇ ਦਾ ਜ਼ਾਤੀ ਅਮਲ ਏ। ਤੇ ਦੂਜੀ ਵਜ੍ਹਾ ਆਜ਼ਾਦੀ ਏ। ਜੇਹਦਾ ਜੋ ਦਿਲ ਕਰੇ ਓਹ ਓਸੇ ਤਰ੍ਹਾਂ ਆਪਣਾ ਜੀਵਨ ਸਾਥੀ ਚੁਣ ਲਵੇ। ਕਿਸੇ ਗੋਰੇ ਨੂੰ ਜੇ ਕੋਈ ਕਾਲਾ ਬੰਦਾ ਚੰਗਾ ਲੱਗਦਾ ਏ ਤੇ ਓਹ ਓਹਨੂੰ ਆਪਣਾ ਸਾਥੀ ਚੁਣ ਸਕਦਾ ਏ। ਹੋਰ ਤੇ ਹੋਰ ਏਥੇ ਇੱਕ ਮਰਦ ਨੂੰ ਇੱਕ ਹੋਰ ਮਰਦ ਆਪਣਾ ਜੀਵਨ ਸਾਥੀ ਬਨਾਉਣਾ ਚੰਗਾ ਲੱਗਦਾ ਏ ਜਾਂ ਇੱਕ ਜ਼ਨਾਨੀ ਨੂੰ ਇੱਕ ਹੋਰ ਜ਼ਨਾਨੀ ਆਪਣਾ ਜੀਵਨ ਸਾਥੀ ਬਨਾਉਣੀ ਪਸੰਦ ਏ ਤਾਂ ਓਹਦੇ 'ਤੇ ਕਿਸੇ ਨੂੰ ਕੋਈ ਇਤਰਾਜ਼ ਕਰਨ ਦਾ ਹੱਕ ਨਹੀਂ ਏਂ। ਏਹੋ ਗੱਲ ਉਮਰਾਂ ਦੇ ਫ਼ਰਕ 'ਤੇ ਵੀ ਲਾਗੂ ਹੁੰਦੀ ਏ। ਜੇ ਕਿਸੇ ਜ਼ਨਾਨੀ ਦੀ ਉਮਰ ਵੱਡੀ ਏ ਤੇ ਬੰਦਾ ਘੱਟ ਉਮਰ ਦਾ ਏ ਤਾਂ ਏਹ ਓਹਨਾਂ ਦੀ ਚੋਣ ਏਂ। ਜੇ ਕੋਈ ਬੰਦਾ ਵਡੇਰੀ ਉਮਰ ਦਾ ਏ ਤੇ ਕੋਈ ਕੁੜੀ ਓਹਨੂੰ ਪਸੰਦ ਕਰ ਲੈਂਦੀ ਏ ਤਾਂ ਏਹ ਓਹਨਾਂ ਦੀ ਜ਼ਿੰਦਗੀ ਦਾ ਮਸਲਾ ਏ। ਉਮਰਾਂ ਦਾ ਫ਼ਰਕ ਅਸਲ ਵਿੱਚ ਪਿੰਡੇ ਦੀ ਉਮਰ ਦਾ ਫ਼ਰਕ ਨਹੀਂ ਹੁੰਦਾ ਸਗੋਂ ਕਈ ਵਾਰ ਏਹ ਫ਼ਰਕ ਦਿਮਾਗ਼ ਤੇ ਸਾਰ ਦਾ ਵੀ ਹੁੰਦਾ ਏ। ਇੱਕ ਬੰਦੇ ਦੀ ਸਾਰ ਦੀ ਉਮਰ ਜ਼ਰੂਰੀ ਨਹੀਂ ਕਿ ਓਹਦੇ ਪਿੰਡੇ ਦੀ ਉਮਰ ਨਾਲ ਤੁਰੇ। ਕਈ ਵਾਰ ਇੱਕ ਬੰਦਾ ਆਪਣੀ ਸਾਰ ਦੀ ਉਮਰ ਦਾ ਪੈਂਡਾ ਆਪਣੇ ਪਿੰਡੇ ਦੀ ਉਮਰ ਤੋਂ ਛੇਤੀ ਤੈਅ ਕਰ ਲੈਂਦਾ ਏ ਤੇ ਕਈ ਵਾਰ ਬੰਦੇ ਦਾ ਪਿੰਡਾ ਬੁੱਢਾ ਹੋ ਜਾਂਦਾ ਏ ਪਰ ਓਹਦੀ ਸਾਰ ਦੀ ਉਮਰ ਜਾਂ ਦਿਮਾਗ਼ ਬਹੁਤ ਪਿੱਛੇ ਰਹਿ ਜਾਂਦੇ ਨੇ। ਪੱਛਮੀ ਦੁਨੀਆਂ ਵਿੱਚ ਏਹਨਾਂ ਗੱਲਾਂ ਨੂੰ ਤਕਰੀਬਨ ਕਬੂਲ ਕਰ ਲਿਆ ਗਿਆ ਏ। ਪਰ ਸਾਡੇ ਸਮਾਜ ਵਿੱਚ ਦੋਹਰੇ ਮਿਆਰ ਨੇ। ਏਥੇ ਪਾਖੰਡ ਦਾ ਰਾਜ ਏ। ਅਸੀਂ ਗਿੱਟੇ ਨਾਲ ਭਰਵੱਟਾ ਬੰਨ੍ਹਦੇ ਵੀ ਆਂ ਤੇ ਨਾਲ ਓਹਦੀ ਨਿੰਦਿਆ ਵੀ ਕਰਦੇ ਹਾਂ। ਮੈਨੂੰ ਏਹੋ ਜੇਹੀਆਂ ਕਈ ਕਹਾਣੀਆਂ ਯਾਦ ਨੇ ਤੇ ਏਹੋ ਹੀ ਕਹਾਣੀਆਂ ਸਨ ਜਿਹਨਾਂ ਮੈਨੂੰ ਯੋਹਾਨਾ ਦੇ ਵਿਆਹ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਨਿੱਕੇ ਹੁੰਦਿਆਂ ਮੇਰੇ ਪਿੰਡ ਵਿੱਚ ਲੋਕਾਂ ਲਈ ਪਾਣੀ ਬਹੁਤ ਅਹਿਮ ਤੇ ਮਹਿੰਗੀ ਸ਼ੈਅ ਸੀ। ਤੇ ਬੰਦਿਆਂ ਨੂੰ ਏਹ ਹਾਸਲ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ। ਪਿੰਡ ਵਿੱਚ ਏਹਨੂੰ ਹਾਸਲ ਕਰਨ ਦੇ ਦੋ ਤਰੀਕੇ ਸਨ। ਪਹਿਲਾ ਸੀ ਮਾਸ਼ਕੀ ਰਾਹੀਂ। ਪਿੰਡ ਦੇ ਦੂਜੇ ਕੰਮੀਆਂ ਤਰ੍ਹਾਂ ਮਾਸ਼ਕੀ ਬਹੁਤ ਅਹਿਮ ਬੰਦਾ ਸੀ। ਓਹਦੀ ਇੱਕ ਵਜ੍ਹਾ ਤੇ ਏਹ ਸੀ ਕਿ ਓਹ ਤੁਹਾਨੂੰ ਪਾਣੀ ਲਿਆ ਕੇ ਦੇਂਦਾ ਸੀ। ਦੂਜੀ ਵਜ੍ਹਾ ਏਹ ਸੀ ਕਿ ਪਿੰਡ ਦਾ ਇਕੱਲਾ ਬੰਦਾ ਹੁੰਦਾ ਸੀ ਜੋ ਕਿਸੇ ਵੀ ਟੱਬਰ ਨੂੰ ਓਸ ਟੱਬਰ ਦੇ ਆਪਣੇ ਬੰਦਿਆਂ ਤਰ੍ਹਾਂ ਰੋਜ਼ ਤੇ ਦਿਨ ਵਿੱਚ ਕਈ-ਕਈ ਵਾਰ ਮਿਲਦਾ ਸੀ। ਏਸ ਪਾਰੋਂ ਏਹ ਬੰਦਾ ਵੀ ਓਸ ਟੱਬਰ ਦਾ ਇੱਕ ਤਰ੍ਹਾਂ ਦਾ ਮੈਂਬਰ ਹੋ ਜਾਂਦਾ ਸੀ।
ਬਹੁਤੇ ਮਾਸ਼ਕੀ ਸਵੇਰੇ ਸਰਘੀ ਵੇਲੇ ਉਠਦੇ ਸਨ ਤੇ ਏਹਨਾਂ ਪਿੰਡ ਦੇ ਖੂਹ 'ਚੋਂ ਬੋਕਿਆਂ ਨਾਲ ਪਾਣੀ ਕੱਢ ਕੇ ਮਸ਼ਕ ਭਰਨੀ, ਫੇਰ ਇੱਕ-ਇੱਕ ਘਰ ਵਿੱਚ ਜਾ ਕੇ ਘੜਿਆਂ ਵਿੱਚ ਪਾਣੀ ਭਰਨਾ। ਏਹ ਪਾਣੀ ਮੁਫ਼ਤ ਨਹੀਂ ਸੀ ਹੁੰਦਾ। ਹਰ ਬੰਦਾ ਜਿੰਨੀਆਂ ਮਸ਼ਕਾਂ ਰੋਜ਼ ਲੈਂਦਾ ਸੀ ਓਸੇ ਹਿਸਾਬ ਨਾਲ ਓਹਨੂੰ ਮਾਸ਼ਕੀਆਂ ਨੂੰ ਸੇਪ (ਭਾੜਾ) ਦੇਣਾ ਪੈਂਦਾ ਸੀ। ਪਾਣੀ ਹਾਸਲ ਕਰਨ ਦਾ ਦੂਜਾ ਤਰੀਕਾ ਨਲਕੇ ਸਨ। ਕੁਝ ਅਮੀਰ ਲੋਕਾਂ ਮਾਸ਼ਕੀ ਦੀ ਮੁਹਤਾਜੀ ਤੋਂ ਬਚਣ ਲਈ ਘਰ ਨਲਕੇ ਲੁਆਏ ਹੋਏ ਸਨ। ਓਸ ਜ਼ਮਾਨੇ ਵਿੱਚ ਏਹ ਨਲਕੇ ਏਨੇ ਮਹਿੰਗੇ ਹੁੰਦੇ ਸਨ ਕਿ ਹਰ ਬੰਦੇ ਵਿੱਚ ਏਹਨਾਂ ਨੂੰ ਲੁਆਉਣ ਦੀ ਹਿੰਮਤ ਨਹੀਂ ਸੀ ਹੁੰਦੀ। ਓਹ ਬੰਦੇ ਜਿਨ੍ਹਾਂ ਕੋਲ ਨਾ ਤੇ ਮਾਸ਼ਕੀ ਨੂੰ ਦੇਣ ਜੋਗੇ ਪੈਸੇ ਹੁੰਦੇ ਸਨ ਤੇ ਨਾ ਹੀ ਓਹ ਆਪਣਾ ਨਲਕਾ ਲੁਆ ਸਕਦੇ ਸਨ, ਓਹ ਕਿਸੇ ਹੋਰ ਬੰਦੇ ਦੇ ਨਲਕੇ ਤੋਂ ਜਾ ਕੇ ਪਾਣੀ ਭਰਦੇ ਸਨ। ਏਹੋ ਜੇਹਾ ਇੱਕ ਨਲਕਾ ਸਾਡੇ ਘਰ ਵੀ ਲੱਗਾ ਹੋਇਆ ਸੀ ਜੇਹੜਾ ਪੂਰੇ ਮੁਹੱਲੇ ਵਿੱਚ ਇੱਕੋ-ਇੱਕ ਸੀ। ਏਸ ਪਾਰੋਂ ਸਾਰੇ ਮੁਹੱਲੇ ਦੀਆਂ ਜ਼ਨਾਨੀਆਂ ਸਾਡੇ ਘਰੋਂ ਪਾਣੀ ਭਰਨ ਆਉਂਦੀਆਂ ਸਨ। ਏਹਨਾਂ ਜ਼ਨਾਨੀਆਂ ਵਿੱਚੋਂ ਇੱਕ ਭੱਗੋ ਵੀ ਸੀ। ਓਹਦਾ ਅਸਲੀ ਨਾਂ ਤੇ ਭਾਗਣ ਸੀ ਪਰ ਸਭ ਓਹਨੂੰ ਭੱਗੋ ਕਹਿੰਦੇ ਸਨ। ਓਹ ਜ਼ਾਤ ਦੀ ਮੋਚੀ ਸੀ। ਭੱਗੋ ਦਾ ਵੱਡਾ ਸਾਰਾ ਟੱਬਰ ਸੀ, ਕਈ ਭੈਣ ਤੇ ਭਰਾ। ਏਹਨਾਂ ਵਿੱਚੋਂ ਕੁਝ ਮਰਦ ਤੇ ਜੁੱਤੀਆਂ ਸਿਊਂਦੇ ਸਨ ਤੇ ਕੁਝ ਮੁਜਾਰੇ ਸਨ ਤੇ ਲੋਕਾਂ ਦੀ ਵਾਹੀ ਕਰਦੇ ਸਨ। ਜੋ ਮੋਚੀ ਸਨ ਓਹਨਾਂ ਕੋਲ ਲੋਕ ਨਵੀਂ ਜੁੱਤੀ ਸਿਵਾਉਣ ਤੇ ਕਦੇ-ਕਦੇ ਹੀ ਆਉਂਦੇ ਸਨ, ਬਹੁਤੇ ਬੰਦੇ ਟੁੱਟੀਆਂ ਜੁੱਤੀਆਂ ਗੰਢਾਉਂਦੇ ਸਨ। ਤੇ ਇੰਝ ਇਨ੍ਹਾਂ ਦੀ ਆਮਦਨੀ ਇੱਕ ਤਰ੍ਹਾਂ ਦੀ ਸੇਪ ਸੀ। ਛੇ ਮਹੀਨਿਆਂ ਮਗਰੋਂ ਕੁਝ ਦਾਣੇ ਤੇ ਕਿਸੇ ਹੋਰ ਫ਼ਸਲ ਦਾ ਕੁਝ ਹਿੱਸਾ। ਏਸ ਘਾਟੇ ਨੂੰ ਪੂਰਾ ਕਰਨ ਲਈ ਭੱਗੋ ਦੇ ਬਾਕੀ ਭੈਣ ਭਰਾ ਵਾਹੀ ਕਰਦੇ ਸਨ। ਭੱਗੋ ਦੀ ਡਿਊਟੀ ਘਰ ਦਾ ਕੰਮ ਕਾਜ ਤੇ ਪਾਣੀ ਭਰਨਾ ਸੀ। ਓਹ ਸਾਡੇ ਘਰੋਂ ਦਿਨ ਵਿੱਚ ਕਈ ਵਾਰ ਪਾਣੀ ਭਰਨ ਆਉਂਦੀ ਸੀ। ਮੇਰੀ ਮਾਂ ਤੇ ਮੇਰੀਆਂ ਭੈਣਾਂ ਓਹਦੇ 'ਤੇ ਤਰਸ ਖਾ ਕੇ ਓਹਨੂੰ ਕਦੇ ਕੋਈ ਪੁਰਾਣਾ ਕੱਪੜਾ ਦੇ ਦੇਣਾ, ਕਦੇ ਕੋਈ ਪੁਰਾਣੀ ਜੁੱਤੀ ਤੇ ਕਦੇ ਓਹਨੂੰ ਰੋਟੀ ਦੇ ਦੇਣੀ। ਇੰਝ ਓਹ ਇੱਕ ਤਰ੍ਹਾਂ ਦੀ ਸਾਡੇ ਘਰ ਦੀ ਮੈਂਬਰ ਬਣ ਗਈ। ਓਹਨੇ ਆਪਣੇ ਘਰ ਦੀ ਹਰ ਗੱਲ ਸਾਨੂੰ ਦੱਸਣੀਂ।
ਬਾਰਾਂ ਦੇ ਰਹਿਣ ਵਾਲੇ ਘਰਾਂ ਭੱਗੋ ਦੇ ਟੱਬਰ ਵਿੱਚ ਵੀ ਵੱਟੇ-ਸੱਟੇ ਦਾ ਰਿਵਾਜ ਸੀ। ਜੇ ਤੁਸੀਂ ਕਿਸੇ ਘਰੋਂ ਰਿਸ਼ਤਾ ਲੈਣਾ ਏ ਤੇ ਨਾਲ ਈ ਤੁਹਾਨੂੰ ਦੇਣਾ ਵੀ ਪੈਣਾ ਏਂ। ਓਹਦੇ ਦੂਜੇ ਭੈਣ ਭਰਾ ਤੇ ਇੰਝ ਵੱਟੇ 'ਤੇ ਵਿਆਹੇ ਗਏ ਪਰ ਪਿੱਛੇ ਭੱਗੋ ਤੇ ਓਹਦਾ ਇੱਕ ਭਰਾ ਰਹਿ ਗਿਆ। ਭੱਗੋ ਦੇ ਘਰ ਵਾਲੇ ਆਪਣੇ ਏਸ ਮੁੰਡੇ ਦੇ ਰਿਸ਼ਤੇ ਲਈ ਬੜੇ ਭੱਜੇ ਪਰ ਓਹਨਾਂ ਨੂੰ ਕੋਈ ਅਜੇਹਾ ਰਿਸ਼ਤਾ ਨਾ ਲੱਭਾ ਜਿਥੇ ਓਹਨਾਂ ਦੇ ਮੁੰਡੇ ਵਾਸਤੇ ਕੁੜੀ ਦੇ ਨਾਲ ਭੱਗੋ ਵਾਸਤੇ ਕੋਈ ਜੁਆਨ ਮੁੰਡਾ ਵੀ ਹੋਵੇ। ਇਵੇਂ ਜਿਵੇਂ ਵੇਲਾ ਲੰਘਦਾ ਤਿਉਂ-ਤਿਉਂ ਭੱਗੋ ਦਾ ਭਰਾ ਵਿਆਹ ਕਰਵਾਉਣ ਲਈ ਕਾਹਲਾ ਤੇ ਬੇਸਬਰਾ ਹੁੰਦਾ ਜਾਂਦਾ ਸੀ। ਉਤੋਂ ਓਹਨਾਂ ਦੇ ਸ਼ਰੀਕ ਵੱਖਰੀਆਂ ਗੱਲਾਂ ਬਣਾਉਂਦੇ ਸਨ। ਹੌਲੀ-ਹੌਲੀ ਲੋਕਾਂ ਤੇ ਭੱਗੋ ਦੇ ਘਰ ਵਾਲਿਆਂ ਏਸ ਦਾ ਜ਼ਿੰਮੇਵਾਰ ਭੱਗੋ ਨੂੰ ਠਹਿਰਾਉਣਾ ਸ਼ੁਰੂ ਕਰ ਦਿੱਤਾ ਪਈ ਓਹ ਮਨਹੂਸ ਏ। ਓਹਦੇ ਘਰ ਵਿੱਚ ਜੋ ਵੀ ਭੈੜਾ ਕੰਮ ਹੋਣਾ ਜਾਂ ਜੋ ਵੀ ਮੁਸੀਬਤ ਆਉਣੀ, ਓਹਦੀ ਜ਼ਿੰਮੇਵਾਰ ਭੱਗੋ ਬਣਨਾ। ਤੇ ਜੇਹਦਾ ਦਿਲ ਕਰਨਾ ਓਹਨੇ ਉਠ ਕੇ ਭੱਗੋ ਨੂੰ ਕੁੱਟ ਛੱਡਣਾ। ਭੱਗੋ ਨੂੰ ਨੀਲ ਪਏ ਹੋਣੇ ਤੇ ਓਹਨੇ ਸਾਡੇ ਘਰ ਆ ਕੇ ਰੋਣਾ।
ਆਖ਼ਰ ਇੱਕ ਦਿਨ ਖ਼ਬਰ ਉਡ ਗਈ ਕਿ ਭੱਗੋ ਦੇ ਭਰਾ ਨੂੰ ਰਿਸ਼ਤਾ ਲੱਭ ਗਿਐ। ਪਰ ਓਹਦੇ ਵਿੱਚ ਇੱਕ ਡੱਕਾ ਏ। ਏਹ ਕੁੜੀ ਓਹਨਾਂ ਦੀ ਬਰਾਦਰੀ ਦੀ ਸੀ, ਉਮਰੋਂ ਵੀ ਭੱਗੋ ਦੇ ਭਰਾ ਨਾਲ ਮੇਲ ਖਾਂਦੀ ਸੀ ਪਰ ਓਹਦਾ ਭਰਾ ਕੋਈ ਨਹੀਂ ਸੀ ਜੇਹਦਾ ਓਹ ਵੱਟਾ ਲੈ ਸਕਦੇ। ਵੱਟੇ ਤੋਂ ਬਿਨਾ ਰਿਸ਼ਤਾ ਦੇਣਾ ਬਰਾਦਰੀ ਵਿੱਚ ਨੱਕ ਵਢਾਉਣ ਦੇ ਬਰਾਬਰ ਸੀ। ਬੜੀ ਭੱਜ-ਦੌੜ ਮਗਰੋਂ ਗੱਲ ਏਹ ਮੁੱਕੀ ਕਿ ਏਸ ਕੁੜੀ ਦਾ ਵੱਟਾ ਓਹਦੇ ਪਿਉ ਨੂੰ ਦਿੱਤਾ ਜਾਵੇ। ਏਹ ਬੰਦਾ ਇੱਕ ਤੇ ਪਹਿਲੇ ਵਿਆਹਿਆ ਹੋਇਆ ਸੀ ਤੇ ਅੱਗੋਂ ਓਹਦੇ ਪੋਤੇ ਦੋਹਤੇ ਸਨ। ਚਿੱਟੀ ਦਾਹੜੀ ਤੇ ਮੂੰਹ ਵਿੱਚ ਇੱਕ ਵੀ ਦੰਦ ਨਹੀਂ ਸੀ। ਭੱਗੋ ਨੂੰ ਪਤਾ ਲੱਗਾ ਤੇ ਓਹ ਰੋਈ ਤੇ ਆਖੇ, ''ਉਹ ਤੇ ਮੇਰੇ ਪਿਉ ਤੋਂ ਵੀ ਵੱਡਾ ਏ।" ਭੱਗੋ ਦੇ ਘਰ ਵਾਲਿਆਂ ਨੂੰ ਜਦ ਏਸ ਗੱਲ ਦਾ ਪਤਾ ਲੱਗਾ ਤੇ ਓਹਨਾਂ ਫੜ ਕੇ ਭੱਗੋ ਨੂੰ ਦੱਬ ਕੇ ਕੁੱਟਿਆ ਤੇ ਓਹਨੂੰ ਅੰਦਰ ਡੱਕ ਦਿੱਤਾ। ਕੁਝ ਦਿਨਾਂ ਮਗਰੋਂ ਓਹਨੂੰ ਬਾਹਰ ਕੱਢਿਆ ਤੇ ਓਹ ਮੁੜ ਰੋਈ। ਤੇ ਓਹਦੇ ਨਾਲ ਫੇਰ ਓਹੋ ਹਸ਼ਰ ਹੋਇਆ। ਵਿਆਹ ਦੇ ਦਿਨ ਮਿਥੇ ਗਏ। ਓਹਨਾਂ ਦੇ ਘਰ ਗੌਣ ਬਹਿ ਗਏ। ਹੁਣ ਇੱਕ ਪਾਸੇ ਘੜੇ ਦੀ ਥਾਪ 'ਤੇ ਗੌਣਾਂ ਦੇ ਬੋਲ ਉਠਦੇ ਸਨ ਤੇ ਦੂਜੇ ਪਾਸੇ ਭੱਗੋ ਦੀਆਂ ਚੀਕਾਂ। ਮਹਿੰਦੀ ਲਾਉਣ ਦਾ ਵੇਲਾ ਆਇਆ ਤੇ ਭੱਗੋ ਦੇ ਭਰਾ ਹੱਸ ਕੇ ਮਹਿੰਦੀ ਲੁਆਈ ਤੇ ਭੱਗੋ ਨੂੰ ਏਹ ਮਹਿੰਦੀ ਕੁੱਟ ਕੇ ਲਾਈ ਗਈ। ਏਸੇ ਤਰ੍ਹਾਂ ਵਿਆਹ ਦੀਆਂ ਬਾਕੀ ਸਾਰੀਆਂ ਰਸਮਾਂ ਛਿੱਤਰਾਂ ਨਾਲ ਹੋਈਆਂ। ਤੁਰਨ ਦਾ ਵੇਲਾ ਆਇਆ ਤੇ ਮਾਰੀ-ਕੁੱਟੀ ਭੱਗੋ ਨੂੰ ਨੀਲੋ-ਨੀਲ ਪਿੰਡੇ ਤੇ ਸੁੱਜੇ ਮੂੰਹ ਨਾਲ ਡੋਲੀ ਵਿੱਚ ਪਾ ਦਿੱਤਾ ਗਿਆ। ਅੱਗੇ-ਅੱਗੇ 70 ਸਾਲ ਦਾ ਇੱਕ ਬੁੱਢਾ ਸਿਹਰਾ ਬੰਨ੍ਹ ਕੇ ਘੋੜੀ 'ਤੇ ਚੜ੍ਹਿਆ ਜਾ ਰਿਹਾ ਸੀ ਤੇ ਓਹਦੇ ਪਿੱਛੇ-ਪਿੱਛੇ 16 ਸਾਲਾਂ ਦੀ ਭੱਗੋ ਡੋਲੀ ਵਿੱਚ ਬੈਠੀ ਕੂਕਦੀ ਆ ਰਹੀ ਸੀ

No comments:

Post a Comment